
ਕੌਂਸਲਰ ਦੇ ਭਤੀਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ: 3 ਸਕੂਟੀ ਸਵਾਰਾਂ ਨੇ ਦਾਤਰ ਨਾਲ ਸਿਰ ‘ਤੇ ਕੀਤਾ ਵਾਰ
ਅੰਮ੍ਰਿਤਸਰ, 31 ਮਈ 2022 – ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੰਜਾਬ ਰੈੱਡ ਅਲਰਟ ‘ਤੇ ਹੈ। ਇਸ ਤੋਂ ਬਿਨਾ ਅੰਮ੍ਰਿਤਸਰ ‘ਚ ਵੀ ਖਾਸਤੌਰ ‘ਤੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਅਤੇ ਦਿਹਾਤੀ ਦੋਵਾਂ ਖੇਤਰਾਂ ਵਿੱਚ ਪੁਲੀਸ ਬਲ ਤਾਇਨਾਤ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਜੰਡਿਆਲਾ ਗੁਰੂ ਵਿੱਚ ਵੈਰੋਵਾਲ ਰੋਡ ’ਤੇ ਸੇਂਟ ਡੇਅ ਬੋਰਡਿੰਗ ਸਕੂਲ ਦੇ ਬਾਹਰ 10ਵੀਂ ਜਮਾਤ ਦੇ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ ਗਿਆ। ਵਿਦਿਆਰਥੀ ਅੰਮ੍ਰਿਤਪਾਲ ਜੰਡਿਆਲਾ ਗੁਰੂ ਦੇ ਵਾਰਡ-2 ਦੇ ਕੌਂਸਲਰ ਹਰਜਿੰਦਰ ਸਿੰਘ ਦਾ ਭਤੀਜਾ ਹੈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਕੌਂਸਲਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਆਪਣੀਆਂ ਦੋ ਭੈਣਾਂ ਨਾਲ ਸੇਂਟ ਡੇਅ ਬੋਰਡਿੰਗ ਸਕੂਲ ਪਹੁੰਚਿਆ ਸੀ। ਉਸ ਨੇ ਐਕਟਿਵਾ ਰੋਕੀ ਅਤੇ ਅਤੇ ਦੋਵੇਂ ਭੈਣਾਂ ਸਕੂਟੀ ਤੋਂ ਉਤਰ ਗਈਆਂ ਪਰ ਕੁਝ ਹੀ ਸਕਿੰਟਾਂ ਵਿੱਚ ਇੱਕ ਐਕਟਿਵਾ ਤੇਜ਼ ਰਫ਼ਤਾਰ ਪਿੱਛੋਂ ਆਈ ਜਿਸ ‘ਤੇ ਤਿੰਨ ਨੌਜਵਾਨ ਸਵਾਰ ਸਨ। ਪਿੱਛੇ ਬੈਠੇ ਮੁਲਜ਼ਮ ਨੇ ਹੱਥ ਵਿੱਚ ਫੜੇ ਦਾਤਰ ਨਾਲ ਨੌਜਵਾਨ ਦੇ ਸਰ ‘ਤੇ ਵਾਰ ਕਰ ਦਿੱਤਾ। ਅੰਮ੍ਰਿਤਪਾਲ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ ਅਤੇ ਉੱਥੇ ਹੀ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਘਟਨਾ ਸਬੰਧੀ ਥਾਣਾ ਜੰਡਿਆਲਾ ਗੁਰੂ ਦੇ ਏ.ਐਸ.ਆਈ ਦਵਿੰਦਰ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਮਿਲੀ। ਉਸ ਨੇ ਦੱਸਿਆ ਕਿ ਉਸ ਨੂੰ ਵੀ ਵਾਇਰਲ ਹੋਈ ਵੀਡੀਓ ਤੋਂ ਘਟਨਾ ਬਾਰੇ ਪਤਾ ਲੱਗਾ ਪਰ ਕੋਈ ਵੀ ਉਸ ਕੋਲ ਸ਼ਿਕਾਇਤ ਲੈ ਕੇ ਨਹੀਂ ਪਹੁੰਚਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ’ਤੇ ਹਮਲਾ ਕਰਨ ਵਾਲੇ ਤਿੰਨੋਂ ਨੌਜਵਾਨ ਉਸ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਜਿਸ ਕਾਰਨ ਨਾ ਤਾਂ ਅੰਮ੍ਰਿਤਪਾਲ ਦੇ ਪੱਖ ਤੋਂ ਕੋਈ ਸ਼ਿਕਾਇਤ ਥਾਣੇ ਪੁੱਜੀ ਅਤੇ ਨਾ ਹੀ ਕੋਈ ਹੋਰ ਪੱਖ ਸਾਹਮਣੇ ਆਇਆ ਹੈ।
Please Share This News By Pressing Whatsapp Button