ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਨੋਟਰੀ ਪਾਵਰ ਦੀ ਹੋ ਰਹੀ ਹੈ ਦੁਰਵਰਤੋਂ! ਏਜੰਟ ਅਤੇ ਅਸ਼ਟਾਮ ਫਰੋਸ਼ ਮਹਿੰਗੇ ਮੁੱਲ ‘ਤੇ ਵੇਚ ਰਹੇ ਹਨ ਤਸਦੀਕਸ਼ੁਦਾ ਖਾਲੀ ਹਲਫੀਆ ਬਿਆਨ

ਮੋਗਾ, (ਨਿਊਜ਼ 24 ਪੰਜਾਬ ਸਰਵਿਸ) : ਮੋਗਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਨੋਟਰੀ ਪਾਵਰ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਨੋਟਰੀ ਪਬਲਿਕ ਦੇ ਵਕੀਲ, ਅਸ਼ਟਾਮ ਫਰੋਸ਼ ਅਤੇ ਏਜੰਟਾਂ ਦੀ ਆਪਸੀ ਮਿਲੀਭੁਗਤ ਦੀ ਬੋਅ ਆਉਂਦੀ ਹੈ ਅਤੇ ਇਸ ਗੋਰਖ ਧੰਦੇ ਵਿਚ ਆਮ ਲੋਕ ਲੁੱਟੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਮੋਗਾ ਦੇ ਮਿੰਨੀ ਸਕੱਤਰੇਤ ਵਿਚ ਨੋਟਰੀ ਪਬਲਿਕ ਦਾ ਕੰਮ ਕਰਦੇ ਵਕੀਲ ਜੋਧਾਜੀਤ ਅਤੇ ਅਸ਼ਟਾਮ ਫਰੋਸ਼ ਪ੍ਰਮੋਦ ਕੁਮਾਰ ਦਾ ਆਪਸੀ ਮਿਲੀਭੁਗਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੋਗਾ ਵਾਸੀ ਸ਼ਿਕਾਇਤ ਕਰਤਾ ਹੰਸ ਰਾਜ ਨੇ ਡਿਪਟੀ ਕਮਿਸ਼ਨਰ ਕੋਲ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਕਿਹਾ ਕਿ ਉਸ ਨੇ ਅਸ਼ਟਾਮ ਫਰੋਸ਼ ਪ੍ਰਮੋਦ ਕੁਮਾਰ, ਜੋ ਕਿ ਹਰ ਐਤਵਾਰ ਟ੍ਰੈਕਟਰ ਮੰਡੀ ਵਿਚ ਖਾਲੀ ਤਸਦੀਕ ਕੀਤੇ ਅਸ਼ਟਾਮ ਵੇਚ ਰਿਹਾ ਹੈ, ਤੋਂ ਅਸ਼ਟਾਮ ਖ੍ਰੀਦਿਆ

ਤਾਂ ਉਹ ਖਾਲੀ ਤਸਦੀਕਸ਼ੁਦਾ ਅਸ਼ਟਾਮ ਦੇਖ ਕੇ ਹੱਕਾ-ਬੱਕਾ ਰਹਿ ਗਿਆ ਅਤੇ 25 ਰੁਪਏ ਵਾਲਾ ਹਲਫੀਆ ਬਿਆਨ 200 ਰੁਪਏ ਵਿਚ ਮੈਨੂੰ ਮਿਲਿਆ। ਸ਼ਿਕਾਇਤ ਕਰਤਾ ਨੇ ਉਕਤ ਨੋਟਰੀ ਪਬਲਿਕ ਅਤੇ ਅਸ਼ਟਾਮ ਫਰੋਸ਼ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਦੇ ਨਾਲ ਉਕਤ ਨੋਟਰੀ ਪਬਲਿਕ ਵੱਲੋਂ ਤਸਦੀਕ ਕੀਤਾ ਗਿਆ ਖਾਲੀ ਅਸ਼ਟਾਮ ਵੀ ਨਾਲ ਨੱਥੀ ਕੀਤਾ ਹੈ ਅਤੇ ਉਕਤ ਖਾਲੀ ਹਲਫੀਆ ਬਿਆਨ ‘ਤੇ ਕੋਈ ਵੀ ਤਾਰੀਕ ਨਹੀਂ ਪਾਈ ਗਈ ਤੇ ਇਸ ਦੀ ਵਰਤੋਂ ਪੁਰਾਣੀਆਂ ਤਾਰੀਕਾਂ ਵਿਚ ਵੀ ਕੀਤੀ ਜਾ ਸਕਦੀ ਹੈ। ਸ਼ਿਕਾਇਤ ਕਰਤਾ ਅਨੁਸਾਰ ਉਕਤ ਨੋਟਰੀ ਪਬਲਿਕ ਵੱਲੋਂ ਤਸਦੀਕ ਕੀਤੇ ਖਾਲੀ ਹਲਫੀਆ ਬਿਆਨ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਰਕਾਰੀ ਦਫਤਰਾਂ ਤੋਂ ਕੰਮ ਕਰਵਾਉਣ ਵਾਲੇ ਏਜੰਟਾਂ ਕੋਲ ਵੀ ਰੱਖੇ ਹੋਏ ਹਨ, ਜੋ ਜਦੋਂ ਚਾਹੇ ਆਪਣੀ ਲੋੜ ਮੁਤਾਬਿਕ ਕਥਿਤ ਇਨ੍ਹਾਂ ਖਾਲੀ ਅਸ਼ਟਾਮਾਂ ਦੀ ਵਰਤੋਂ ਕਰਦੇ ਹਨ।
ਜਦ ਇਸ ਸਬੰਧੀ ਮੋਗਾ ਦੇ ਨੋਟਰੀ ਪਬਲਿਕ ਵਕੀਲ ਜੋਧਾਜੀਤ ਸਿੰਗਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਕਰਦੇ ਹਨ। ਜੇਕਰ ਕੋਈ ਵੀ ਅਸ਼ਟਾਮ ਫਰੋਸ਼ ਜਾਂ ਏਜੰਟ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਮੈਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ।
ਜਦੋਂ ਇਸ ਸਬੰਧੀ ਅਸ਼ਟਾਮ ਫਰੋਸ਼ ਪ੍ਰਮੋਦ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਖਾਲੀ ਅਸ਼ਟਾਮ ਨਹੀਂ ਵੇਚਦਾ ਅਤੇ ਮੇਰੇ ‘ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।

Related posts

Leave a Comment