..ਜਦੋਂ ਸਜ਼ਾ ਸੁਣਦੇ ਸਾਰ ਹੀ ਦੋਸ਼ੀ ਨੂੰ ਆਇਆ ਹਾਰਟ ਅਟੈਕ, ਮੌਤ

..ਜਦੋਂ ਸਜ਼ਾ ਸੁਣਦੇ ਸਾਰ ਹੀ ਦੋਸ਼ੀ ਨੂੰ ਆਇਆ ਹਾਰਟ ਅਟੈਕ, ਮੌਤ

ਮੋਗਾ, (ਨਿਊਜ਼ 24 ਸਰਵਿਸ) : ਵਧੀਕ ਸ਼ੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਵਿਚ ਚੱਲ ਰਹੇ ਕੁਕਰਮ ਦੇ ਇਕ ਮਾਮਲੇ ਵਿਚ ਜੱਜ ਸਾਹਿਬਾ ਵੱਲੋਂ ਦੋਸ਼ੀ ਨੂੰ ਸਜ਼ਾ ਦਾ ਫੈਸਲਾ ਸੁਣਾਏ ਜਾਣ ਉਪਰੰਤ ਹੀ ਦੋਸ਼ੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜੱਜ ਸਾਹਿਬਾ ਨੇ ਜਦੋਂ ਦੋਸ਼ੀ ਨੂੰ ਸੱਤ ਸਾਲ ਕੈਦ ਦੀ ਸਜਾ ਦਾ ਫੈਸਲਾ ਸੁਣਾਇਆ ਤਾਂ ਫੈਸਲਾ ਸੁਣਦੇ ਸਾਰ ਹੀ ਦੋਸ਼ੀ ਭਰੀ ਅਦਾਲਤ ਵਿਚ ਡਿੱਗ ਪਿਆ। ਅਫੜਾ-ਤਫੜੀ ਮੱਚ ਜਾਣ ਉੱਤੇ ਪੁਲਿਸ ਸੁਰੱਖਿਆ ਵਿਚ ਦੋਸ਼ੀ ਨੂੰ ਮੋਗੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਦੋਸ਼ੀ ਜਸਵੀਰ ਸਿੰਘ ਉਰਫ ਕਾਲਾ ਵਾਸੀ ਪਿੰਡ ਚੂਹੜਚੱਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੱਸਣਾ ਬਣਦਾ ਹੈ ਕਿ ਥਾਣਾ ਅਜੀਤਵਾਲ ਪੁਲਿਸ ਨੇ 1 ਸਤੰਬਰ 2014 ਨੂੰ ਇਕ ਔਰਤ  ਦੇ ਬਿਆਨਾਂ ਉੱਤੇ ਦੋਸ਼ੀ ਜਸਵੀਰ ਸਿੰਘ ਉਰਫ ਕਾਲ਼ਾ ਵਾਸੀ ਪਿੰਡ ਚੂਹੜਚੱਕ ਦੇ ਖਿਲਾਫ ਕੁਕਰਮ ਦੀ ਧਾਰਾ 376 ਅਤੇ ਪ੍ਰੀਵੈਂਸ਼ਨ ਆਫ ਚਾਇਲਡ ਸੈਕਸ਼ੁਏਲ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ। ਦੋਸ਼ੀ ਉੱਤੇ ਇਲਜ਼ਾਮ ਸੀ ਕਿ ਉਸ ਨੇ 13 ਸਾਲ ਦੀ ਨਾਬਲਿਗ ਕੁੜੀ ਦੇ ਨਾਲ ਕੁਕਰਮ ਕੀਤਾ ਹੈ।  ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਇਲਜ਼ਾਮ ਠੀਕ ਪਾਏ ਜਾਣ ਉੱਤੇ ਦੋਸ਼ੀ ਨੂੰ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਉਕਤ ਮਾਮਲਾ ਹੁਣੇ ਤੱਕ ਅਦਾਲਤ ਵਿੱਚ ਸੁਣਵਾਈ ਅਧੀਨ ਸੀ,  ਜਿਸਦੀ ਅੰਤਮ ਸੁਣਵਾਈ ਕਰਦੇ ਵਧੀਕ ਸ਼ੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਦੋਸ਼ੀ ਨੂੰ ਸੱਤ ਸਾਲ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ ਦੀ ਸਜਾ ਦਾ ਫੈਸਲਾ ਸੁਣਾ ਦਿੱਤਾ। ਫੈਸਲਾ ਸੁਣਦੇ ਹੀ ਭਰੀ ਅਦਾਲਤ ਵਿੱਚ ਦੋਸ਼ੀ ਡਿੱਗ ਗਿਆ, ਜਿਸ ਦੀ ਇਲਾਜ ਦੌਰਾਨ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਵੀਰ ਸਿੰਘ ਖੇਤੀਬਾੜੀ ਕਰਦਾ ਸੀ ਅਤੇ ਉਸ ਦੀ ਉਮਰ ਕਰੀਬ 50 ਸਾਲ ਸੀ।

Related posts

Leave a Comment