ਬਾਲ ਮਜ਼ਦੂਰੀ ਰੋਕਣ ਲਈ ਸ਼ਹਿਰ ‘ਚ ਛਾਪੇਮਾਰੀ

ਬਾਲ ਮਜ਼ਦੂਰੀ ਰੋਕਣ ਲਈ ਸ਼ਹਿਰ ‘ਚ ਛਾਪੇਮਾਰੀ
ਦੁਕਾਨਦਾਰ 14 ਸਾਲ ਤੋਂ ਘੱਟ ਬੱਚਿਆਂ ਨੂੰ ਨਾ ਰਖਣ ਕੰਮ ਤੇ: ਪਰਮਜੀਤ ਕੌਰ

ਮੋਗਾ,  (ਜਗਮੋਹਨ ਸ਼ਰਮਾ) : ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਹੁਕਮਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਮਜ਼ਦੂਰੀ ਰੋਕਣ ਲਈ ਜਿਲਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਜਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਪੁਲਿਸ ਵਿਭਾਗ ਨਾਲ ਮਿਲ ਕੇ ਸ਼ਹਿਰ ਦੀਆਂ ਦੁਕਾਨਾਂ ਅਤੇ ਹੋਟਲਾਂ ਆਦਿ ਕੰਮਕਾਜੀ ਥਾਂਵਾਂ ਉਪਰ ਛਾਪੇਮਾਰੀ ਕੀਤੀ ਗਈ। ਪਰਮਜੀਤ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਅੱਜ ਪੁਲਿਸ ਵਿਭਾਗ ਨਾਲ ਮਿਲ ਕੇ ਸ਼ਹਿਰ ਦੇ ਸਰਾਫਾ ਬਜ਼ਾਰ ਅਤੇ ਮੰਡੀ ਵਿਚ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ 2 ਬੱਚੇ ਪ੍ਰਾਪਤ ਕੀਤੇ ਗਏ। ਫੜੇ ਜਾਣ ਵਾਲੇ ਦੋਨੋ ਬੱਚਿਆਂ ਦੀ ਉਮਰ ਦੱਸ ਤੋਂ ਬਾਰਾਂ ਸਾਲ ਹੈ। ਇਨਾਂ ਬੱਚਿਆਂ ‘ਚੋਂ ਇੱਕ ਬੱਚਾ ਚਾਹ ਦੀ ਦੁਕਾਨ ਤੇ ਲਗਭਗ ਚਾਰ ਮਹੀਨਿਆਂ ਤੋਂ ਕੰਮ ਕਰ ਰਿਹਾ ਸੀ ਅਤੇ ਦੂਜਾ ਬੱਚਾ ਇਕ ਮੁਨਿਆਰੀ ਦੀ ਦੁਕਾਨ ਤੇ ਕੰਮ ਕਰਦਾ ਸੀ। ਬੱਚਿਆਂ ਨੇ ਦੱਸਿਆ ਕਿ ਘਰ ਦੇ ਹਲਾਤ ਠੀਕ ਨਾ ਹੋਣ ਕਾਰਨ ਉਹ ਮਜ਼ਬੂਰੀ ਵਿੱਚ ਇਥੇ ਕੰਮ ਕਰਦੇ ਸਨ। ਇਸ ਸਬੰਧ ਵਿੱਚ ਕੁਝ ਦਿਨ ਪਹਿਲਾਂ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਉਨਾਂ ਨੂੰ ਬਾਲ ਮਜ਼ਦੂਰੀ ਕਰਵਾਉਣ ਨਾਲ ਹੋਣ ਵਾਲੀ ਸਜਾ ਅਤੇ ਜ਼ੁਰਮਾਨੇ ਬਾਰੇ ਜਾਣੂ ਕਰਵਾਇਆ ਗਿਆ ਸੀ। ਇਸ ਦੌਰਾਨ ਉਨਾਂ ਵੱਲੋਂ ਦੁਕਾਨਾਂ ਮਾਲਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਕੋਈ ਵੀ ਬੱਚਾ, ਜਿਸ ਦੀ ਉਮਰ 14 ਸਾਲ ਤੋਂ ਘੱਟ ਹੈ, ਤੁਹਾਡੇ ਕੋਲ ਕੰਮ ਲਈ ਆਉਂਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਉਨਾਂ ਕਿਹਾ ਕਿ ਜੇਕਰ ਅਜਿਹੇ ਬੱਚੇ ਉਨਾਂ ਨੂੰ ਮਿਲਦੇ ਹਨ ਤਾਂ ਉਨਾਂ ਬੱਚਿਆਂ ਨੂੰ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤੇ ਇਸ ਸਬੰਧੀ ਜਿਲਾ ਬਾਲ ਸੁਰੱਖਿਆ ਯੂਨਿਟ ਨੂੰ ਵੀ ਸੂਚਿਤ ਕੀਤਾ ਜਾਵੇ। ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਫੜ ਗਏ ਬੱਚਿਆਂ ਨੂੰ ਉਹਨਾਂ ਦੇ ਮਾ-ਬਾਪ ਦੇ ਹਵਾਲੇ ਕਰ ਦਿੱਤਾ ਅਤੇ ਮਾ-ਬਾਪ ਤੋਂ ਲਿਖਤੀ ਲਿਆ ਗਿਆ ਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਦੇਸ਼ ਦੇ ਚੰਗੇ ਨਾਗਰਿਕ ਬਣਾਉਣਗੇ। ਉਨਾਂ ਕਿਹਾ ਕਿ ਸੂਚਨਾ ਦੇ ਅਧਾਰ ਤੇ ਹੀ ਅੱਜ ਪੁਲਿਸ ਵਿਭਾਗ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ ਸੀ ਅਤੇ ਕਿਹਾ ਕਿ ਅੱਗੇ ਤੋਂ ਵੀ ਭਵਿੱਖ ਵਿਚ ਜਿਲੇ ਅੰਦਰ ਇਸ ਤਰਾਂ ਦੀ ਛਾਪੇਮਾਰੀਆਂ ਜਾਰੀ ਰਹਿਣਗੀਆਂ।

Related posts

Leave a Comment