ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ

ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ

ਕੁਦਰਤੀ ਖੇਤੀ ਰਾਹੀਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਘੋਲੀਆ
ਕਿਸਾਨੀ ਦੇ ਆਰਥਿਕ ਸੰਕਟ ਦਾ ਸਹੀ ਹੱਲ ਹੈ ਜੈਵਿਕ ਖੇਤੀ : ਬਲਵਿੰਦਰ ਸਿੰਘ
ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲੇ ਦੇ ਪਿੰਡ ਘੋਲੀਆ ਖੁਰਦ ਦਾ ਮਿਹਨਤੀ ਤੇ ਸੂਝਵਾਨ ਕਿਸਾਨ ਬਲਵਿੰਦਰ ਸਿੰਘ ਹੋਰ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਪਿਛਲੇ ਲਗਭੱਗ 7-8 ਸਾਲਾਂ ਤੋਂ ਬੈਡ ਬਣਾ ਕੇ ਵੱਖ-ਵੱਖ ਫ਼ਸਲਾਂ ਉਗਾ ਕੇ ਸਫ਼ਲ ਕਿਸਾਨ ਵਜੋਂ ਝੰਡੇ ਗੱਡ ਰਿਹਾ ਇਹ ਕਿਸਾਨ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਕੇ ਖੇਤੀ ਸੰਕਟ ‘ਚੋਂ ਬਾਹਰ ਕੱਢਣ ਲਈ ਸਿਰਤੋੜ ਯਤਨ ਕਰ ਰਿਹਾ ਹੈ। ਇਹ ਕਿਸਾਨ ਪਿਛਲੇ ਕਰੀਬ ਪੰਜ ਸਾਲਾਂ ਤੋ ਪਰਾਲੀ/ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਾਤਾਵਰਣ ਦੀ ਸੁੱਧਤਾ ਲਈ ਵੀ ਭਰਪੂਰ ਯੋਗਦਾਨ ਪਾ ਰਿਹਾ ਹੈ। ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੈਵਿਕ ਖੇਤੀ ਮਾਨਵਵਾਦੀ ਹੈ, ਜੋ ਕਿ ਜੀਵ ਪ੍ਰਾਣੀਆਂ ਦੀ ਸਿਹਤ ਦੇ ਅਨੁਕੂਲ ਹੈ। ਉਸ ਨੇ ਦੱਸਿਆ ਕਿ ਅਜੋਕੇ ਵਿਗਿਆਨਿਕ ਯੁੱਗ ਵਿੱਚ ਬਹੁ-ਗਿਣਤੀ ਕਿਸਾਨ ਰਸਾਇਣਕ ਖਾਦਾਂ, ਕੀਟ ਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਰਾਹੀਂ ਫ਼ਸਲ ਦੀ ਪੈਦਾਵਰ ਵਧਾਉਣ ਦਾ ਮਾਡਲ ਅਪਣਾ ਰਹੇ ਹਨ, ਪ੍ਰੰਤੂ ਅਜਿਹਾ ਕਰਨ ਨਾਲ ਖੇਤੀ ਖ਼ਰਚੇ ਲਗਾਤਾਰ ਵਧ ਰਹੇ ਹਨ ਅਤੇ ਆਮਦਨ ਘਟ ਰਹੀ ਹੈ ਅਤੇ ਇਹੋ ਮਾਡਲ ਕਿਸਾਨਾਂ ਦੇ ਜੀਅ ਦਾ ਜੰਜ਼ਾਲ ਬਣਿਆ ਹੋਇਆ ਹੈ। ਉਸ ਨੇ ਦੱਸਿਆ ਕਿ ਇਸ ਨਾਲ ਜ਼ਮੀਨ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ।
ਜੈਵਿਕ ਖੇਤੀ ਕੁਦਰਤੀ ਸਿਧਾਤਾਂ ਦੇ ਅਨੁਕੂਲ
ਬਲਵਿੰਦਰ ਸਿੰਘ ਨੇ ਕੁਦਰਤੀ ਖੇਤੀ ਨੂੰ ਕੁਦਰਤ ਦੇ ਸਿਧਾਤਾਂ ਪੱਖੀ ਮੰਨਦਿਆਂ ਦੱਸਿਆ ਕਿ ਉਸ ਵੱਲੋ ਕਰੀਬ ਸੱਤ ਏਕੜ ਜ਼ਮੀਨ ਵਿੱਚ ਹਲਦੀ, ਕਮਾਦ, ਦੇਸੀ ਮੱਕੀ ਤੇ ਬਾਸਮਤੀ ਆਦਿ ਫ਼ਸਲਾਂ ਦੀ ਸੂਰਜ ਤੇ ਹਵਾ ਦੀਆਂ ਦਿਸ਼ਾਵਾਂ ਦੇ ਅਨੁਕੂਲ ਪੈਦਾਵਰ ਕੀਤੀ ਜਾ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਅਜਿਹੀ ਖੇਤੀ ਘਾਟੇ ਦਾ ਸੌਦਾ ਨਹੀਂ, ਬਲਕਿ ਵਿਉਤਬੰਦੀ ਨਾਲ ਕੀਤੀ ਜੈਵਿਕ ਖੇਤੀ ਲਾਹੇਵੰਦ ਸਾਬਤ ਹੁੰਦੀ ਹੈ ਕਿਉਂਕਿ ਇਸ ਨਾਲ ਖ਼ਰਚੇ ਘਟਦੇ ਜਾਂਦੇ ਹਨ ਅਤੇ ਆਮਦਨ ‘ਚ ਇਜ਼ਾਫ਼ਾ ਹੁੰਦਾ ਜਾਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਅਕਸਰ ਕਿਸਾਨ ਫ਼ਸਲਾਂ ਵੇਚਣ ਲਈ ਮੰਡੀਆਂ ‘ਚ ਰੁਲਦੇ ਦੇਖੇ ਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਇਹ ਵੀ ਗਿਲਾ ਹੈ ਕਿ ਉਨ੍ਹਾਂ ਨੂੰ ਪੈਦਾਵਰ ਦੇ ਸਹੀ ਭਾਅ ਨਹੀਂ ਮਿਲਦੇ। ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਦੀ ਪੈਦਾਵਾਰ ਹੱਥੋ-ਹੱਥ ਚੰਗੇ ਭਾਅ ‘ਤੇ ਮੰਡੀ ‘ਚ ਵਿਕ ਜਾਂਦੀ ਹੈ। ਇਸ ਤਰ੍ਹਾਂ ਕਿਸਾਨ ਆਪਣੀਆਂ ਫ਼ਸਲਾਂ ਦੇ ਖ਼ੁਦ ਭਾਅ ਨਿਰਧਾਰਤ ਕਰਨ ‘ਚ ਸਫ਼ਲ ਹੋ ਜਾਂਦਾ ਹੈ ਅਤੇ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਵੀ ਸਮਰੱਥ ਹੋ ਸਕਦਾ ਹੈ।
ਮਜ਼ਦੂਰਾਂ ਨੂੰ ਮਿਲਦਾ ਹੈ ਰੋਜ਼ਗਾਰ-
ਕਿਸਾਨ ਬਲਵਿੰਦਰ ਸਿੰਘ ਘੋਲੀਆ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਤੇ ਕੁਸ਼ਲ ਕਾਮੇ ਵਿਦੇਸ਼ਾਂ ਵੱਲ ਨੂੰ ਉਡਾਰੀ ਮਾਰ ਰਹੇ ਹਨ, ਪ੍ਰੰਤੂ ਜੈਵਿਕ ਖੇਤੀ ਵਿੱਚ ਸਾਰਾ ਕੰਮ ਮਜ਼ਦੂਰਾਂ ਰਾਹੀਂ ਨੇਪਰੇ ਚਾੜ੍ਹਿਆ ਜਾਂਦਾ ਹੈ। ਇਸ ਤਰ੍ਹਾਂ ਵੱਡੀ ਗਿਣਤੀ ‘ਚ ਕਾਮਿਆਂ ਨੂੰ ਆਪਣੇ ਘਰ ਦੇ ਨੇੜੇ ਰੋਜ਼ਗਾਰ ਹਾਸਲ ਹੁੰਦਾ ਹੈ। ਇਉਂ ਜੈਵਿਕ ਖੇਤੀ ਸਾਡੇ ਸਮਾਜ ਦੇ ਅਨੁਕੂਲ ਹੈ, ਕਿਉਂਕਿ ਇਸ ਰਾਹੀਂ ਆਬਾਦੀ ਦੇ ਵੱਡੇ ਹਿੱਸੇ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ।
ਮੰਡੀਕਰਨ ਖ਼ੁਦ ਕਰਨ ਕਿਸਾਨ-
ਕਿਸਾਨ ਬਲਵਿੰਦਰ ਸਿੰਘ ਘੋਲੀਆ ਆਪਣੇ ਉਗਾਏ ਕਮਾਦ ਤੋਂ ਆਪਣੀ ਘੁਲਾੜੀ ਰਾਹੀਂ ਖ਼ੁਦ ਗੁੜ, ਸ਼ੱਕਰ ਬਣਾ ਕੇ ਮੰਡੀ ‘ਚ ਭੇਜਦਾ ਹੈ। ਆਪਣੇ ਹੱਥੀਂ ਉਗਾਈ ਹਲਦੀ ਦੀ ਫ਼ਸਲ ਨੂੰ ਖ਼ੁਦ ਪੀਸ ਕੇ ਆਪਣੇ ਮਾਰਕੇ ਹੇਠ ਵੇਚਦਾ ਹੈ। ਇਸੇ ਤਰ੍ਹਾਂ ਮੱਕੀ ਅਤੇ ਬਾਸਮਤੀ ਦੇ ਗਾਹਕ ਵੀ ਕਿਸਾਨ ਤੋਂ ਪੈਦਾਵਰ ਖ਼੍ਰੀਦਣ ਲਈ ਮਗਰ-ਮਗਰ ਫ਼ਿਰਦੇ ਹਨ। ਕੁਦਰਤੀ ਖੇਤੀ ਰਾਹੀਂ ਕਿਸਾਨ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਦੀ ਗ੍ਰਿਫ਼ਤ ‘ਚ ਆਉਣੋ ਵੀ ਬਚਾਅ ਸਕਦੇ ਹਨ। ਉਸ ਨੇ ਕਿਹਾ ਕਿ ਪੰਜਾਬ ਦੀ ਖੇਤੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਅਤੇ ਆਏ ਦਿਨ ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਸਾਨ ਭਾਈਚਾਰੇ ਨੂੰ ਜੈਵਿਕ ਖੇਤੀ ਦੇ ਰਾਹ ਪੈਣ ਦੀ ਦਿਲੀ ਅਪੀਲ ਕਰਦਿਆਂ ਕਿਹਾ ਕਿ ਇਸ ਉਦਮ ਤਹਿਤ ਪੜ੍ਹਾਅ ਵਾਰ ਕਦਮ ਚੁੱਕ ਕੇ ਪੈਦਾਵਰ ਘਟਣ ਦੇ ਖ਼ਦਸ਼ਿਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਕਿਸਾਨ ਵੱਲੋਂ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

Related posts

Leave a Comment