ਮਾਮਲਾ ਧਰਨੇ ਤੇ ਬੈਠੇ ਵਿਦਿਆਰਥੀਆਂ ਤੇ ਹਮਲੇ ਦਾ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਹਿਰ ਕੀਤਾ ਰੋਸ ਮਾਰਚ

ਮਾਮਲਾ ਧਰਨੇ ਤੇ ਬੈਠੇ ਵਿਦਿਆਰਥੀਆਂ ਤੇ ਹਮਲੇ ਦਾ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਹਿਰ ਕੀਤਾ ਰੋਸ ਮਾਰਚ
ਮੋਗਾ, (ਗੁਰਜੰਟ ਸਿੰਘ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਰਵ ਭਾਰਤ ਨੌਜਵਾਨ ਸਭਾ ਅਤੇ ਟਰੇਡ ਯੂਨੀਅਨ ਮੋਗਾ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਉਪਰ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਅੱਜ ਮੋਗਾ ਦੇ ਮੇਨ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਵਿਦਿਆਰਥੀਆਂ ਨੌਜਵਾਨਾਂ ਦੇ ਮੁਲਾਜ਼ਮਾ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸ਼ਰੀ ਅਤੇ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਬੱਧਨੀ ਨੇ ਕਿਹਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਖਾਸਕਰ ਲੜਕੀਆਂ ਯੂਨੀਵਰਸਿਟੀ ਨਾਲ ਸਬੰਧਤ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਦੀ ਮੰਗ ਸੀ ਕਿ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਚੌਵੀ ਘੰਟੇ ਲਾਇਬ੍ਰੇਰੀ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ। ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਵਿਦਿਆਰਥੀ ਚਾਹੇ ਲੜਕੇ ਹਨ ਚਾਹੇ ਲੜਕੀਆਂ, ਉਨ੍ਹਾਂ ਨੇ ਲਾਇਬ੍ਰੇਰੀ ਵਿਚ ਜਾ ਕੇ ਆਪਣੇ ਰਿਸਰਚ ਨਾਲ ਸਬੰਧਤ ਕੰਮ ਨੂੰ ਪੂਰਾ ਕਰਨਾ ਹੁੰਦਾ, ਇਸ ਲਈ ਲਾਇਬ੍ਰੇਰੀਆਂ ਦਾ ਚੌਵੀ ਘੰਟੇ ਖੁੱਲ੍ਹਾ ਰਹਿਣਾ ਜ਼ਰੂਰੀ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਪਿਛਲੇ ਕਾਫ਼ੀ ਦਿਨਾਂ ਤੋਂ ਯੂਨੀਵਰਸਿਟੀ ਵਿਚ ਧਰਨੇ ਉੱਪਰ ਬੈਠੇ ਸਨ, ਪਰ ਪਿਛਲੀ ਰਾਤ ਲਗਭਗ ਅੱਠ ਵਜੇ ਦੇ ਕਰੀਬ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਉਪਰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਗੁੰਡਾ ਅਨਸਰਾਂ ਰਾਹੀਂ ਹਮਲਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਵਿਦਿਆਰਥਣਾਂ ਜ਼ਖ਼ਮੀ ਹੋਏ ਹਨ। ਆਗੂਆਂ ਨੇ ਇਸ ਸਾਰੇ ਘਟਨਾਕਰਮ ਦੀ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੀਆਂ ਜਾਇਜ ਮੰਗਾਂ ਨੂੰ ਮੰਨਦਿਆਂ ਕਾਰਵਾਈ ਨਹੀਂ ਹੋਈ ਤਾਂ ਸਟੂਡੈਂਟਸ ਫੈਡਰੇਸ਼ਨ ਅਤੇ ਨੌਜਵਾਨ ਸਭਾ ਪੰਜਾਬ ਪੱਧਰ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਖਿਲਾਫ ਪਰਦਰਸ਼ਨ ਕਰਨਗੇ, ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸਮੇਂ ਹੋਰਨਾ ਤੋਂ ਇਲਾਵਾ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਚਾਹਲ, ਆਗਣਵਾੜੀ ਵਰਕਰ ਯੂਨੀਅਨ ਦੀ ਆਗੂ ਗੁਰਚਰਨ ਕੌਰ, ਪੀ. ਐੱਸ. ਈ. ਬੀ. ਇਮਪਲਾਇਜ ਫੈਡਰੇਸ਼ਨ (ਏਟਕ) ਦੇ ਗੁਰਮੇਲ ਨਾਹਰ, ਬਚਿੱਤਰ ਧੋਥੜ, ਇੰਦਰਜੀਤ ਮੋਗਾ, ਨੌਜਵਾਨ ਸਭਾ ਦੇ ਜਿਲਾ ਸਕੱਤਰ ਮੰਗਤ ਰਾਏ, ਜਸਪਰੀਤ ਬੱਧਨੀ, ਗੁਰਦਿੱਤ ਦੀਨਾ, ਮਨੀਸ਼ਾ ਮਹੇਸ਼ਰੀ, ਅਵਤਾਰ ਚੜਿੱਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

Related posts

Leave a Comment